ਕੁਰਾਲੀ : ਨੇੜਲੇ ਪਿੰਡ ਕਾਲੇਵਾਲ ਵਿਖੇ ਚੱਲ ਰਹੇ ਆਦਰਸ਼ ਸਕੂਲ ਦੇ ਅਧਿਆਪਕਾਂ ਦੀਆਂ ਤਨਖਾਹਾਂ ਤੇ ਹੋਰ ਮੰਗਾਂ ਦਾ ਮਾਮਲਾ ਪੰਜਾਬ ਦੇ ਸਿੱਖਿਆ ਮੰਤਰੀ ਵਿਜੈਦਰ ਸਿੰਗਲਾ ਦੇ ਦਰਬਾਰ ਤੱਕ ਜਾ ਪੁੱਜਾ ਹੈ। ਸਿੱਖਿਆ ਮੰਤਰੀ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਜਿਸ ਦੌਰਾਨ ਜ਼ਿਲ੍ਹਾ ਸਿਖਿਆ ਅਫ਼ਸਰ ਹਿੰਮਤ ਸਿੰਘ ਹੁੰਦਲ ਦੀ ਅਗਵਾਈ ਵਾਲੀ ਟੀਮ ਨੇ ਪਿੰਡ ਕਾਲੇਵਾਲ ਦੇ ਆਦਰਸ਼ ਸਕੂਲ ਦਾ ਦੌਰਾ ਕਰਦਿਆ ਅਧਿਅਪਕਾ ਤੇ ਸਕੂਲ ਦੀ ਪ੍ਰੁਬੰਧ ਕਮੇਟੀ ਦੇ ਨਾਲ ਮਾਮਲੇ ਦੀ ਜਾਂਚ ਕਰਨ ਲਈ ਗੱਲਬਾਤ ਕੀਤੀ।

ਜਦਕਿ ਅਧਿਆਪਕਾਂ ਦੇ ਇੱਕ ਵਫ਼ਦ ਨੇ ਇਸ ਮਸਲੇ ਨੂੰ ਲੈ ਕੇ ਐੱਸਡੀਐੱਮ ਖਰੜ ਹਿਮਾਸ਼ੂ ਜੈਨ ਨਾਲ ਮੁਲਾਕਾਤ ਕਰਦਿਆਂ ਮੰਗ ਪੱਤਰ ਸੌਂਪਿਆ ਗਿਆ। ਇਸੇ ਦੌਰਾਨ ਅਧਿਆਪਕ ਆਗੂਆਂ ਵੱਲੋਂ ਉਨ੍ਹਾਂ ਦੀਆ ਮੰਗਾਂ ਨਾ ਮੰਨਣ ਦੀ ਸੂਰਤ ਵਿਚ ਤਿੱਖਾ ਸਘੰਰਸ਼ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ। ਕੁਰਾਲੀ ਨੇੜੇ ਪਿੰਡ ਕਾਲੇਵਾਲ ਆਦਰਸ਼ ਸਕੂਲ ‘ਚ ਕੰਮ ਕਰਦੇ ਕਈ ਦਰਜ਼ਨ ਸਟਾਫ਼ ਮੈਂਬਰਾਂ ਨੇ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਲਿਖੇ ਪੱਤਰ ‘ਚ ਆਪਣੀ ਵਿੱਥਿਆ ਬਿਆਨ ਕੀਤੀ ਹੈ। ਸਕੂਲ ਵਿਚ ਕੰਮ ਕਰਦੇ ਅਧਿਆਪਕਾਂ ਤੇ ਹੋਰਨਾਂ ਮੁਲਾਜ਼ਮਾਂ ਨੇ ਦੱਸਿਆ ਕਿ ਇਹ ਸਕੂਲ ਸਰਕਾਰ ਵਲੋਂ ਪ੍ਰਈਵੇਟ ਕੰਪਨੀ ਨੂੰ ਚਲਾਉਣ ਲਈ ਨਿਰਧਾਰਿਤ ਸ਼ਰਤਾਂ ‘ਤੇ ਦਿੱਤਾ ਹੋਇਆ ਹੈ। ਪਰ ਕੰਪਨੀ ਵਲੋਂ ਸ਼ਰਤਾਂ ਦੀ ਉਲੰਘਣਾ ਕਰਕੇ ਉਨ੍ਹਾਂ ਦੇ ਹੱਕਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਸਿੱਖਿਆ ਮੰਤਰੀ ਦੇ ਧਿਆਨ ਵਿਚ ਲਿਆਂਦਾ ਕਿ 1 ਅਪਰੈਲ 2019 ਤੋਂ ਲੈ ਕੇ ਸਕੂਲ ਦਾ ਹਾਜ਼ਰੀ ਰਜਿਸਟਰ ਤੇ ਤਨਖਾਹ ਰਜਿਸਟਰ ਖ਼ਤਮ ਕਰ ਦਿੱਤਾ ਗਿਆ ਹੈ ਜੋ ਕਿ ਸਰਕਾਰੀ ਨਿਯਮਾਂ ਦੀ ਸ਼ਰੇਆਮ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕੰਪਨੀ ਵਲੋਂ ਉਨ੍ਹਾਂ ਨੂੰ ਲੌਕਡਾਊਨ ਦੇ ਸਮੇਂ ਦੀ ਸਾਰੀ ਤਨਖ਼ਾਹ ਦੇਣ ਦੀ ਥਾਂ ਕੇਵਲ ਇੱਕ ਮਹੀਨੇ ਬਹੁਤ ਘੱਟ ਤਨਖਾਹ ਦਿੱਤੀ ਗਈ ਜੋ ਕਿ ਦਰਜ਼ਾ ਚਾਰ ਨਾਲੋਂ ਵੀ ਘੱਟ ਹੈ। ਜਦਕਿ ਸਰਕਾਰ ਵਲੋਂ ਇਸ ਸੰਕਟ ਵਾਲੇ ਸਮੇਂ ਵੀ ਤਨਖਾਹਾਂ ਦੇਣ ਲਈ ਕਿਹਾ ਗਿਆ ਹੈ। ਸ਼ਿਕਾਇਤਕਰਤਾਵਾਂ ਅਧਿਆਪਕ ਆਗੂਆਂ ਨੇ ਕਿਹਾ ਕਿ ਇਸ ਤੋਂ ਇਲਾਵਾ ਕੰਪਨੀ ਵਲੋਂ ਸਤੰਬਰ 2019 ਤੋਂ ਈਪੀਐੱਫ ਜਮ੍ਹਾਂ ਨਹੀਂ ਕਰਵਾਇਆ ਜਾ ਰਿਹਾ ਅਤੇ ਨਾ ਹੀ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਸਕੂਲ ‘ਚ ਦਸ ਦਸ ਸਾਲਾਂ ਤੋਂ ਨੌਕਰੀ ਕਰ ਰਹੇ ਹਨ ਪਰ ਹੁਣ ਕੰਪਨੀ ਉਨ੍ਹਾਂ ਤੰਗ ਪ੍ਰਰੇਸ਼ਾਨ ਕਰਕੇ ਨਵੇਂ ਸਿਰੇ ਤੋਂ ਨਿਯੁਕਤੀ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਪਿਛਲੇ ਸਮੇਂ ਦੀਆਂ ਸਹੂਲਤਾਂ ਤੋਂ ਵਾਂਝੇ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਕੂਲ ਚਲਾ ਰਹੇ ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ਮਾਨਸਿਕ ਤੌਰ ‘ਤੇ ਵੀ ਪ੍ਰਰੇਸ਼ਾਨ ਕੀਤਾ ਜਾ ਰਿਹਾ ਹੈ।

ਇਸੇ ਦੌਰਾਨ ਇਸ ਮਸਲੇ ਨੂੰ ਲੈ ਕੇ ਹੀ ਸਕੂਲ ਮੁਲਾਜ਼ਮਾਂ ਦਾ ਇਕ ਵਫ਼ਦ ਐੱਸਡੀਐੱਮ ਖਰੜ ਹਿਮਾਂਸ਼ੂ ਜੈਨ ਆਈ ਏਐੱਸ ਅਫ਼ਸਰ ਨੂੰ ਮਿਲਿਆ। ਵਫ਼ਦ ਨੇ ਐੱਸਡੀਐੱਮ ਖਰੜ ਨੂੰ ਲਿਖ਼ਤੀ ਮੰਗ ਪੱਤਰ ਦਿੰਦਿਆਂ ਲਾਕਡਾਊਨ ਸਮੇਂ ਦੀ ਤਨਖਾਹ ਜਾਰੀ ਕਰਵਾਉਣ ਅਤੇ ਹੋਰ ਮੰਗਾਂ ਮੰਨੇ ਜਾਣ ਸਬੰਧੀ ਕਾਰਵਾਈ ਦੀ ਮੰਗ ਕੀਤੀ। ਇਸੇ ਦੌਰਾਨ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦਿਆਂ ਹੀ ਇਸ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ। ਸਿੱਖਿਆ ਮੰਤਰੀ ਵੱਲੋਂ ਜਾਰੀ ਹੁਕਮਾਂ ਨੂੰ ਮੁੱਖ ਰੱਖ ਕੇ ਹੀ ਜ਼ਿਲ੍ਹਾ ਸਿੱਖਿਆ ਅਫ਼ਸਰ ਮੋਹਾਲੀ ਹਿੰਮਤ ਸਿੰਘ ਹੁੰਦਲ ਨੇ ਸਕੂਲ ਦਾ ਦੌਰਾ ਕੀਤਾ ਅਤੇ ਦੋਵੇਂ ਧਿਰਾਂ ਦਾ ਪੱਖ ਜਾਣਿਆ। ਸ੍ਰੀ ਹੁੰਦਲ ਨੇ ਦੋਵਾਂ ਪੱਖਾਂ ਦੇ ਬਿਆਨ ਵੀ ਕਲਮਬੱਧ ਕੀਤੇ।

ਸੰਪਰਕ ਕਰਨ ‘ਤੇ ਸਕੂਲ ਚਲਾਉਣ ਵਾਲੀ ਕੰਪਨੀ ਦੇ ਐੱਮਡੀ ਹਰਿਦਰ ਸਿੰਘ ਨੇ ਅਧਿਅਪਕ ਆਗੂਆਂ ਵੱਲੋਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਬੇ ਬੁਨੀਆਦ ਦੱਸਦੇ ਹੋਏ ਰੱਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਅਪਰੈਲ ਮਹੀਨੇ ਤਕ ਦੀਆਂ ਤਨਖਾਹਾਂ ਅਧਿਆਪਕ ਆਗੂਆਂ ਨੂੰ ਦਿੱਤੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਕੰਪਨੀ ਵਲੋਂ ਸਰਕਾਰ ਨਾਲ ਕੀਤੇ ਸਮਝੌਤੇ ਅਨੁਸਾਰ ਸਕੂਲ ਪ੍ਰਬੰਧ ਚਲਾਇਆ ਜਾ ਰਿਹਾ ਹੈ ਅਤੇ ਕਿਸੇ ਵੀ ਮੁਲਾਜ਼ਮ ਨੂੰ ਕੋਈ ਤੰਗ ਪ੍ਰਰੇਸ਼ਾਨ ਨਹੀਂ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਜ਼ਿਲ੍ਹਾ ਸਿੱਖਿਆ ਅਫ਼ਸਰ ਹਿੰਮਤ ਸਿੰਘ ਹੁੰਦਲ ਨੇ ਸੰਪਰਕ ਕਰਨ ‘ਤੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਕਾਲੇਵਾਲ ਦੇ ਆਦਰਸ਼ ਸਕੂਲ ‘ਚ ਜਾਕੇ ਦੋਵਾਂ ਧਿਰਾਂ ਦਾ ਪੱਖ ਸੁਣ ਲਿਆ ਹੈ ਅਤੇ ਮਾਮਲੇ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ ਬਾਰੇ ਕਿਹਾ ਗਿਆ।

 

 

By admin

Leave a Reply

Your email address will not be published. Required fields are marked *